ਤੁਹਾਡੀ ਸ਼ਰਨਾਰਥੀ ਸੁਣਵਾਈ ਵਿੱਚ
ਤੁਹਾਡੀ ਸ਼ਰਨਾਰਥੀ ਸੁਣਵਾਈ ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਦੀ ਮੁੱਖ ਘਟਨਾ ਹੈ। ਜਾਣੋ ਕੀ ਆਪਣੀ ਸੁਣਵਾਈ ਦੇ ਦਿਨ ਤੇ ਕੀ ਉਮੀਦ ਕਰ ਸਕਦਾ ਹੋ। ਸਮਝੋ ਕਿ ਕੌਣ ਸੁਣਵਾਈ ਤੇ ਹੋਵੇਗਾ ਅਤੇ ਓਹਨਾ ਦੀ ਕੀ ਭੂਮਿਕਾ ਹੋਵੇਗੀ। ਆਪਣੀ ਵਰਚੁਅਲ(ਆਨਲਾਈਨ) ਜਾਂ ਵਿਅਕਤੀਗਤ ਸੁਣਵਾਈ ਲਈ ਤਿਆਰ ਰਹੋ।
ਸ਼ਰਨਾਰਥੀਆਂ ਦੀ ਸੁਣਵਾਈਆਂ ਬਾਰੇ
ਤੁਹਾਡੀ ਸ਼ਰਨਾਰਥੀ ਸੁਣਵਾਈ, ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਦਾ ਜ਼ਰੂਰੀ ਹਿੱਸਾ ਹੈ। ਤੁਹਾਡੀ ਸੁਣਵਾਈ ਦੇ ਸਮੇਂ ਜਾਂ ਉਸਤੋ ਬਾਦ, ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਸਵੀਕਾਰ ਕੀਤਾ ਗਿਆ ਹੈ ਜਾਂ ਅਸਵੀਕਾਰ।
ਤੁਹਾਡੀ ਸੁਣਵਾਈ ਤੁਹਾਡੀ ਕਹਾਣੀ ਦੱਸਣ ਅਤੇ ਉਸ ਨੂੰ ਸਮਝਾਉਣ ਦਾ ਮੌਕਾ ਹੈ ਕਿ ਤੁਹਾਨੂੰ ਕਨੇਡਾ ਦੀ ਸੁਰੱਖਿਆ ਦੀ ਜ਼ਰੂਰਤ ਕਿਓਂ ਹੈ। ਇਹ ਨਿੱਜੀ ਅਤੇ ਸੁਰੱਖਿਅਤ ਹੋਵੇਗੀ।
ਤੁਹਾਡੀ ਸੁਣਵਾਈ ਅਦਾਲਤ ਦੀ ਤਰ੍ਹਾਂ ਲੱਗ ਸਕਦੀ ਹੈ ਪਰ ਇਹ ਘੱਟ ਰਸਮੀ ਹੈ। ਨਿਰਣੇ ਨਿਰਮਾਤਾਵਾਂ ਨੂੰ ਮੈਂਬਰ ਕਿਹਾ ਜਾਂਦਾ ਹੈ ਅਤੇ ਉਹ ਸ਼ਰਣਾਰਥੀ ਦਾਵਿਆਂ ਨੂੰ ਤੈਅ ਕਰਨ ਲਈ ਵਿਸ਼ੇਸ਼ ਰੂਪ ਵਿੱਚ ਸਿੱਖਿਅਕ ਹੁੰਦੇ ਹਨ। ਇੱਕ ਮੈਂਬਰ ਤੁਹਾਡੇ ਦਾਵੇ ਦਾ ਨਿਰਪੱਖਤਾ ਨਾਲ ਫੈਸਲਾ ਕਰੇਗਾ।
ਸੁਣਵਾਈ ਨੂੰ ਆਮ ਤੌਰ ਤੇ 3-4 ਘੰਟੇ ਲੱਗਦੇ ਹਨ, ਪਰ ਹਾਲਾਤਾਂ ਤੇ ਆਧਾਰ ਤੇ ਇਹ ਲੰਬੀਆਂ ਜਾਂ ਛੋਟੀਆਂ ਹੋ ਸਕਦੀਆਂ ਹਨ। ਜਿਆਦਾਤਰ ਸੁਨਵਾਈਆਂ ਵਰਚੁਅਲ (ਆਨਲਾਈਨ) ਹੁੰਦੀਆਂ ਹਨ, ਅਤੇ ਕੁਝ IRB ਦਫਤਰ ਵਿੱਚ ਵਿਅਕਤੀਗਤ ਤੌਰ ਤੇ ਹੁੰਦੀਆਂ ਹਨ।
ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ਕੌਣ ਹੋਵੇਗਾ।
ਸ਼ਰਨਾਰਥੀ ਸੁਣਵਾਈਆਂ ਨਿੱਜੀ ਹੁੰਦੀਆਂ ਹਨ ਅਤੇ ਜਨਤਕ ਦੇ ਸਦੱਸਾ ਲਈ ਖੁਲ੍ਹੀਆਂ ਨਹੀਂ ਹੁੰਦੀਆਂ। ਕੇਵਲ ਕੁਝ ਲੋਕ ਹੀ ਤੁਹਾਡੀ ਸੁਣਵਾਈ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ:
ਇੱਕ IRB-RPD ਸਦੱਸ
ਤੁਹਾਡੀ ਸੁਣਵਾਈ ਤੇ ਫੈਸਲਾ ਲੈਣ ਵਾਲੇ ਨੂੰ ਸਦੱਸ ਕਿਹਾ ਜਾਂਦਾ ਹੈ। IRB-RPD ਦਾ ਇੱਕ ਮੈਂਬਰ/ਸਦੱਸ ਸੁਣਵਾਈ ਦੀ ਅਗਵਾਹੀ ਕਰਦਾ ਹੈ ਅਤੇ ਤੁਹਾਡੇ ਦਾਅਵੇ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰਨ ਦਾ ਫ਼ੈਸਲਾ ਕਰਦਾ ਹੈ। ਸਦੱਸ ਤੋਂ ਤੁਹਾਡੇ ਨਾਲ ਸਨਮਾਨ ਅਤੇ ਸੰਭਾਲ ਨਾਲ ਵਿਵਹਾਰ ਕਰਨ ਦੀ ਅਪੇਕਸ਼ਾ ਕੀਤੀ ਜਾਂਦੀ ਹੈ। ਸਦੱਸ ਤੁਹਾਡਾ BOC ਫਾਰਮ ਪੜਦਾ ਹੈ ਅਤੇ ਸੁਣਵਾਈ ਤੋਂ ਬਾਅਦ ਅਤੇ ਦੌਰਾਨ ਤੁਹਾਡੇ ਸਾਰੇ ਸਬੂਤਾਂ ਨੂੰ ਦੇਖਦਾ ਹੈ। ਉਹ ਤੁਹਾਡੀ ਸੁਣਵਾਈ ਦੇ ਦੌਰਾਨ ਸਵਾਲ ਪੁੱਛਦਾ ਹੈ ਤਾਂ ਕਿ ਉਹਨਾਂ ਨੂੰ ਤੁਹਾਡੇ ਸ਼ਰਨਾਰਥੀ ਦਾਅਵੇ ਲਈ ਫੈਸਲਾ ਕਰਨ ਵਿੱਚ ਮਦਦ ਮਿਲ ਸਕੇ।
ਕਾਨੂੰਨੀ ਪ੍ਰਤੀਨਿਧੀ
ਤੁਹਾਡਾ ਕਾਨੂੰਨੀ ਪ੍ਰਤੀਨਿਧੀ ਸ਼ਾਇਦ ਇੱਕ ਵਕੀਲ, ਇਕ ਇਮੀਗ੍ਰੇਸ਼ਨ ਸਲਾਹਕਾਰ, ਜਾਂ ਇੱਕ ਬਿਨਾਂ ਫੀਸ ਵਾਲਾ ਪ੍ਰਤੀਨਿਧੀ ਹੋ ਸਕਦਾ ਹੈ। ਕਿਊਬੈਕ ਵਿੱਚ, ਇੱਕ ਨੋਟਰੀ ਪਬਲਿਕ(notary public), ਜਾਂ ਫਿਰ ਓਂਟਾਰੀਓ ਵਿੱਚ, ਪੈਰਾਲੀਗਲ (paralegal) ਤੁਹਾਡੀ ਨੁਮਾਇੰਦਗੀ ਕਰ ਸਕਦਾ ਹੈ।
ਸੁਣਵਾਈ ਤੇ ਜਦੋਂ ਸਦੱਸ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਹੈ, ਤਾਂ ਤੁਹਾਡਾ ਕਾਨੂੰਨੀ ਪ੍ਰਤਿਨਿਧੀ ਉਹ ਸਵਾਲਾਂ ਨੂੰ ਤੁਹਾਨੂੰ ਸਮਝਾ ਸਕਦਾ ਹੈ। ਤੁਹਾਡਾ ਕਾਨੂੰਨੀ ਪ੍ਰਤੀਨਿਧੀ ਤੁਹਾਡੇ ਵਲੋ ਜਵਾਬ ਨਹੀਂ ਦੇ ਸਕਦਾ ਹੈ। ਤੁਹਾਨੂੰ ਸੱਦਸ ਨੂੰ ਜਵਾਬ ਦੇਣ ਲਈ ਆਪ ਤਿਆਰੀ ਕਰਨੀ ਚਾਹੀਦਾ ਹੈ। ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਸਵਾਲ ਪੁੱਛਣ ਦਾ ਮੌਕਾ ਮਿਲੇਗਾ, ਪਰ ਉਹਨਾਂ ਨੂੰ ਸਦੱਸ ਦੇ ਸਵਾਲ ਪੁੱਛਣ ਤੱਕ ਇੰਤਜ਼ਾਰ ਕਰਨਾ ਪਵੇਗਾ।
ਤੁਹਾਡੀ ਸੁਣਵਾਈ ਦੇ ਅੰਤ ਤੇ, ਤੁਹਾਡਾ ਕਾਨੂੰਨੀ ਪ੍ਰਤਿਨਿਧੀ ਸਦੱਸ ਨੂੰ ਤੁਹਾਡੇ ਦਾਅਵੇ ਦਾ ਸੰਖੇਪ ਸਾਰ ਪ੍ਰਦਾਨ ਕਰ ਸਕਦਾ ਹੈ। ਇਸ ਨੂੰ ਸੰਖੇਪ ਦਸਤਾਵੇਜ਼(submissions) ਕਿਹਾ ਜਾਂਦਾ ਹੈ। ਸੰਖੇਪ ਦਸਤਾਵੇਜ਼ ਸਾਰ(Submissions) ਨੂੰ ਸੁਣਵਾਈ ਤੇ ਸਦੱਸ ਨੂੰ ਦੱਸਿਆ ਜਾ ਸਕਦੀਆਂ ਹੈ, ਜਾਂ ਫਿਰ ਤੁਹਾਡੀ ਸੁਣਵਾਈ ਤੋਂ ਬਾਅਦ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਦੁਆਰਾ ਲਿਖਿਤ IRB-RPD ਨੂੰ ਭੇਜੀਆਂ ਜਾ ਸਕਦੀਆਂ ਹਨ।
ਮੰਤਰੀ ਦਾ ਸਲਾਹਕਾਰ/ਵਕੀਲ
ਮੰਤਰੀ ਦਾ ਸਲਾਹਕਾਰ/ਵਕੀਲ ਜਾਂ ਤੇ CBSA ਜਾਂ IRCC ਦਾ ਕਰਮਚਾਰੀ ਹੈ। ਮੰਤਰੀ ਦਾ ਵਕੀਲ ਹਰ ਕਿਸੀ ਦੇ ਸ਼ਰਨਾਰਥੀ ਦਾਅਵੇ ਵਿੱਚ ਸ਼ਾਮਿਲ ਨਹੀਂ ਹੈ। ਉਹ ਤੁਹਾਡੇ ਦਾਅਵੇ ਵਿੱਚ ਉਦੋਂ ਸ਼ਾਮਿਲ ਹੋਵਣਗੇ ਜੇਕਰ ਉਹਨਾਂ ਨੇ ਤੁਹਾਡੇ ਦਾਅਵੇ ਦੇ ਖਿਲਾਫ ਬਹਿਸ ਕਰਨੀ ਹੈ। ਜੇਕਰ ਕੋਈ ਮੰਤਰੀ ਦਾ ਵਕੀਲ ਸ਼ਾਮਿਲ ਹੁੰਦਾ ਹੈ, ਉਸ ਦਾ ਕਾਰਨ ਹੈ ਕਿ ਉਹਨਾਂ ਨੂੰ ਕੁਝ ਚਿੰਤਾਵਾਂ ਹਨ:
- ਤੁਸੀਂ ਕੌਣ ਹੋ ਜਾਂ ਤੁਹਾਡੇ ਦਸਤਾਵੇਜ਼ਾਂ ਦੇ ਬਾਰੇ,
- ਕੀ ਤੁਸੀਂ ਸੱਚ ਨਹੀਂ ਬੋਲ ਰਹੇ ਹੋ, ਜਾਂ
- ਤੁਸੀਂ ਇੱਕ ਅਪਰਾਧੀ ਹੋ ਜਾਂ ਇੱਕ ਆਤੰਕਵਾਦੀ ਸੰਗਠਨ ਤੋ ਹੋ।
ਤੁਹਾਨੂੰ ਪਤਾ ਚਲ ਜਾਏਗਾ ਕਿ ਮੰਤਰੀ ਦਾ ਵਕੀਲ ਤੁਹਾਡੇ ਦਾਅਵੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ। ਸੁਣਵਾਈ ਤੋਂ ਪਹਿਲਾਂ, ਮੰਤਰੀ ਦਾ ਵਕੀਲ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨੂੰ ਦਖਲ ਦਾ ਨੋਟਿਸ ਭੇਜੇਗਾ। ਉਹ ਨੋਟਿਸ ਵਿੱਚ ਦੱਸਣਗੇ ਕਿ ਉਹ ਦਾਅਵੇ ਵਿਚ ਕਿਵੇਂ ਅਤੇ ਕਿਉ ਸ਼ਾਮਿਲ ਹਨ। ਨੋਟਿਸ ਇਹ ਦੱਸੇਗਾ ਕਿ ਉਹ ਤੁਹਾਡੀ ਸੁਣਵਾਈ ਵਿੱਚ ਆਉਣਗੇ ਜਾਂ ਉਹ ਸਿਰਫ ਦਸਤਾਵੇਜ਼ ਭੇਜਣਗੇ। ਤੁਹਾਨੂੰ ਆਪਣੀ ਸੁਣਵਾਈ ਤੋਂ ਘੱਟ ਤੋਂ ਘੱਟ ਦਸ ਦਿਨ ਪਹਿਲਾਂ ਜਾਂ ਦੱਸ ਦਿਨਾਂ ਤੋ ਜਾਦਾ ਦਿਨਾਂ ਵਿੱਚ ਨੋਟਿਸ ਮਿਲ ਜਾਣਾ ਚਾਹੀਦਾ ਹੈ। ਇਸ ਨੂੰ ਧਿਆਨ ਨਾਲ ਪੜ੍ਹੋ ਅਤੇ ਇਸ ਬਾਰੇ ਬੋਲਣ ਲਈ ਤਿਆਰ ਰਹੋ। ਜੇ ਮੰਤਰੀ ਦਾ ਵਕੀਲ ਤੁਹਾਡੀ ਸੁਣਵਾਈ ਤੇ ਮੌਜੂਦ ਹੈ ਤਾਂ ਉਹ ਸੰਭਵ ਤੌਰ ਤੇ ਤੁਹਾਨੂੰ ਸਵਾਲ ਪੁੱਛਣਗੇ।
ਦੁਭਾਸ਼ੀਏ
ਦੁਭਾਸ਼ੀਏ ਦੀ ਭੂਮਿਕਾ ਇਸ ਗੱਲ ਨੂੰ ਪੱਕਾ ਕਰਨਾ ਹੈ ਕਿ ਹਰ ਕੋਈ ਇੱਕ ਦੂਜੇ ਨੂੰ ਸਾਫ/ਸਪਸ਼ਟ ਰੂਪ ਵਿੱਚ ਸਮਝੇ। ਭਾਵੇਂ ਤੁਸੀਂ ਅੰਗਰੇਜ਼ੀ ਜਾਂ ਫ਼੍ਰਾਸੀਸੀ ਸਮਝਦੇ ਹੋ, ਗਲਤੀਆਂ ਤੋਂ ਬਚਣ ਲਈ ਦੁਭਾਸ਼ੀਏ ਦਾ ਮੌਜੂਦ ਹੋਣਾ ਚੰਗਾ ਵਿਚਾਰ ਹੈ। IRB ਦੁਭਾਸ਼ੀਏ ਸੁਣਵਾਈ ਦੇ ਕਮਰੇ ਤੋਂ ਬਾਹਰ ਕਿਸੇ ਨਾਲ ਵੀ ਤੁਹਾਡੇ ਜਾਂ ਤੁਹਾਡੇ ਦਾਅਵੇ ਬਾਰੇ ਜਾਣਕਾਰੀ ਸਾਂਝੀ ਨਹੀਂ ਕਰਦੇ ਹਨ
IRB-RPD ਤੁਹਾਨੂੰ ਤੁਹਾਡੀ ਬੋਲੀ ਅਤੇ ਉਪਬੋਲੀ ਵਿੱਚ ਇੱਕ ਮੁਫਤ ਪੇਸ਼ੇਵਰ ਦੁਭਾਸ਼ੀਏ ਪ੍ਰਦਾਨ ਕਰੇਗਾ। ਜੇਕਰ ਤੁਸੀਂ ਆਪਣੇ BOC ਫਾਰਮ ਵਿਚ ਦੁਭਾਸ਼ੀਏ ਦੀ ਮੰਗ ਨਹੀਂ ਕੀਤੀ, ਤਾਂ ਤੁਸੀਂ ਹਾਲੇ ਵੀ ਇੱਕ ਦੀ ਮੰਗ ਕਰ ਸਕਦੇ ਹੋ। ਇੱਕ ਦੁਭਾਸ਼ੀਏ ਦੀ ਮੰਗ ਕਰਨ ਲਈ ਆਪਣੀ ਸੁਣਵਾਈ ਦੇ ਦਸ ਦਿਨ ਜਾਂ ਜਾਦਾ ਦਿਨ ਪਹਿਲਾਂ IRB-RPD ਨੂੰ ਲਿਖੋ।
ਤੁਸੀਂ ਖਾਸ ਲਿੰਗ ਜਾਂ ਤੁਹਾਡੇ ਵਾਂਗ ਉਸੇ ਲਿੰਗ ਦੇ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ ਜੇ ਤੁਸੀਂ ਇੰਜ ਕਰਨ ਨਾਲ ਆਰਾਮਦਾਇਕ ਮਹਿਸੂਸ ਕਰਦੇ ਹੋ। ਉਦਾਹਰਨ ਲਈ, ਜੇਕਰ ਤੁਹਾਡਾ ਸ਼ਰਨਾਰਥੀ ਦਾਅਵਾ ਕਿਸੇ ਅਜਿਹੀ ਸੰਵੇਦਨਸ਼ੀਲ ਗੱਲ ਤੇ ਅਧਾਰਿਤ ਹੈ ਜੋ ਤੁਹਾਡੇ ਨਾਲ ਵਾਪਰੀਆਂ ਹਨ ਅਤੇ ਤੁਹਾਨੂੰ ਆਪਣੇ ਵਰਗੇ ਲਿੰਗ ਵਾਲੇ ਇੱਕ ਦੁਭਾਸ਼ੀਏ ਨੂੰ ਰੱਖਣਾ ਆਸਾਨ ਲੱਗੇਗਾ, ਤਾਂ IRB-RPD ਨੂੰ ਦੱਸੋ।
ਗਵਾਹ
ਤੁਸੀਂ ਆਪਣੇ ਦਾਅਵੇ ਬਾਰੇ ਬੋਲਣ ਲਈ ਆਪਣੀ ਸੁਣਵਾਈ ਤੇ ਗਵਾਹ ਰੱਖ ਸਕਦੇ ਹੋ। ਗਵਾਹ ਉਹ ਵਿਅਕਤੀ ਹੈ ਜੋ ਤੁਹਾਡੇ ਨਾਲ ਵਾਪਰੀਆਂ ਗੱਲਾਂ ਦੀ ਪੁਸ਼ਟੀ ਕਰਨ ਦੇ ਯੋਗ ਹੁੰਦਾ ਹੈ। ਉਹ ਕਨੇਡਾ ਵਿਚ ਜਾਂ ਕਿਸੇ ਹੋਰ ਦੇਸ਼ ਵਿੱਚ ਹੋ ਸਕਦੇ ਹਨ। ਗਵਾਹ ਤੁਹਾਡੇ ਸ਼ਰਨਾਰਥੀ ਦਾਅਵੇ ਨਾਲ ਸੰਬੰਧਿਤ ਮੁੱਦਿਆਂ ਤੇ ਕੋਈ ਮਾਹਰ ਵੀ ਹੋ ਸਕਦਾ ਹੈ।
ਆਪਣੇ ਕਾਨੂੰਨੀ ਪ੍ਰਤਿਨਿਧੀ ਦੀ ਮਦਦ ਨਾਲ ਆਪਣੇ ਗਵਾਹ ਧਿਆਨ ਨਾਲ ਚੁਣੋ। ਪੱਕਾ ਕਰੋ ਕਿ ਤੁਸੀਂ ਉਹਨਾਂ ਨੂੰ ਆਪਣੀ ਸੁਣਵਾਈ ਤੋਂ ਪਹਿਲਾਂ ਸੁਣਵਾਈ ਲਈ ਤਿਆਰ ਕਰੋ। ਆਪਣੇ ਗਵਾਹ ਨੂੰ ਦੱਸੋ ਕਿ ਜੋ ਉਹ ਕਹਿਣਗੇ, ਉਹ ਸੱਚ ਹੋਣਾ ਚਾਹੀਦਾ ਹੈ। ਜੇ ਤੁਸੀਂ ਆਪਣੀ ਸੁਣਵਾਈ ਤੇ ਕਿਸੇ ਗਵਾਹ ਨੂੰ ਬੁਲਾਉਣਾ ਚਾਹੁੰਦੇ ਹੋ, ਤੇ ਤੁਹਾਨੂੰ ਤੇ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਸੁਣਵਾਈ ਤੋਂ ਦਸ ਦਿਨ ਜਾਂ ਇਸ ਤੋਂ ਵੱਧ ਪਹਿਲਾਂ IRB-RPD (ਅਤੇ ਜੇ ਜ਼ਰੂਰੀ ਹੈ ਤੇ ਮੰਤਰੀ ਦੇ ਵਕੀਲ ਨੂੰ) ਨੂੰ ਲਿਖਣਾ ਚਾਹੀਦਾ ਹੈ। ਉਹਨਾਂ ਨੂੰ ਦਿਓ:
- ਆਪਣੇ ਗਵਾਹ ਦਾ ਨਾਮ
- ਉਹ ਕਿਉ ਬੋਲ ਰਹੇ ਹਨ, ਉਸ ਬਾਰੇ ਇਕ ਛੋਟਾ ਬਿਆਨ
- ਗਵਾਹ ਨਾਲ ਤੁਹਾਡੇ ਸੰਬੰਧ
- ਤੁਹਾਡੇ ਹਿਸਾਬ ਨਾਲ ਉਹ ਕਿੰਨੀ ਦੇਰ ਤੱਕ ਬੋਲਣਗੇ
ਦਰਸ਼ਕ/ਨਿਰੀਖਕ
ਤੁਸੀਂ ਭਾਵਨਾਤਮਕ ਸਹਾਰੇ ਲਈ ਆਪਣੀ ਸ਼ਰਨਾਰਥੀ ਸੁਣਵਾਈ ਲਈ ਇੱਕ ਜਾਂ ਇੱਕ ਤੋਂ ਵੱਧ ਦਰਸ਼ਕਾਂ/ਨਿਰੀਖਕਾਂ ਨੂੰ ਸਦਾ ਦੇ ਸਕਦੇ ਹੋ। ਇਹ ਕੋਈ ਦੋਸਤ, ਇੱਕ ਰਿਸ਼ਤੇਦਾਰ, ਜਾਂ ਤੁਹਾਡੇ ਭਾਈਚਾਰੇ ਦਾ ਇੱਕ ਸਦੱਸ ਹੋ ਸਕਦਾ ਹੈ।
ਤੁਹਾਡੀ ਸੁਣਵਾਈ ਤੇ ਸਦੱਸ ਨਿਰੀਖਕਾਂ ਨੂੰ ਆਪਣੀ ਪਛਾਣ ਦੱਸਣ ਨੂੰ ਕਹਿ ਸਕਦੇ ਹਨ। ਸੁਣਵਾਈ ਦੇ ਦੌਰਾਨ ਨਿਰੀਖਕਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਅਤੇ ਉਹਨਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ। ਉਹ ਗਵਾਹ ਵੀ ਨਹੀਂ ਹੋ ਸਕਦੇ।
18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਤੁਹਾਡੇ ਬੱਚੇ
ਜੇਕਰ ਤੁਹਾਡੇ ਬੱਚੇ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹਨ, ਤਾਂ ਉਹਨਾਂ ਨੂੰ ਸ਼ਰਣਾਰਥੀ ਸੁਣਵਾਈ ਲਈ ਆਉਣਾ ਚਾਹੀਦਾ ਹੈ। 18 ਸਾਲ ਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੁਣਵਾਈ ਤੇ ਆਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਸਦੱਸ ਓਹਨਾ ਨੂੰ ਨਹੀਂ ਬੁਲਾਉਂਦੇ ਹਨ। ਵਰਚੁਅਲ (ਆਨਲਾਈਨ) ਸੁਣਵਾਈ ਲਈ, ਕੋਸ਼ਿਸ਼ ਕਰੋ ਕਿ ਤੁਹਾਡੇ ਛੋਟੇ ਬੱਚਿਆਂ ਦੀ ਦੇਖਭਾਲ ਕਿਸੇ ਹੋਰ ਥਾਂ ਤੇ ਕੀਤੀ ਜਾਵੇ। ਤੁਸੀਂ ਇਹੋ ਜਿਹੇ ਘਟਨਾਵਾਂ ਬਾਰੇ ਗੱਲ ਕਰ ਰਹੇ ਹੋਵੋਗੇ ਜੋ ਪਰੇਸ਼ਾਨ ਕਰਨ ਵਾਲੀਆਂ ਹੋਣਗੀਆਂ। ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਇਹ ਗੱਲਾਂ ਸੁਣਨ। ਜੇ ਮੁਮਕਿਨ ਹੋਵੇ, ਆਪਣੇ ਬੱਚਿਆਂ ਨੂੰ ਸਕੂਲ ਭੇਜੋ, ਜਾਂ ਕਿਸੇ ਰਿਸ਼ਤੇਦਾਰ ਕੋਲ ਭੇਜੋ, ਜਾਂ ਕਿਸੇ ਦੋਸਤ ਕੋਲ, ਜਾਂ ਉਹਨਾਂ ਲਈ ਬਾਲ ਦੇਖਭਾਲ ਦਾ ਪ੍ਰਬੰਧ ਕਰੋ।
ਚੋਣਵਾਂ ਪ੍ਰਤੀਨਿਧੀਨਾ
IRB-RPD ਨਾਬਾਲਕ ਬੱਚਿਆਂ ਜਾਂ ਬਾਲਗਾਂ, ਜਿਨਾਂ ਨੂੰ ਸ਼ਰਨਾਰਥੀ ਪ੍ਰਕਿਰਿਆ ਦੀ ਸਮਝ ਨਹੀਂ ਹੈ, ਉਹਨਾਂ ਲਈ ਚੋਣਵੇ ਪ੍ਰਤੀਨਿਧੀ ਨੂੰ ਨਿਯੁਕਤ ਕਰਦੇ ਹਨ। ਚੋਣਵਾਂ ਪ੍ਰਤੀਨਿਧੀ ਵਿਅਕਤੀ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਕੀ ਹੋ ਰਿਹਾ ਹੈ ਅਤੇ ਉਹਨਾਂ ਨੂੰ ਸਭ ਤੋਂ ਵਧੀਆ ਦਾਅਵਾ ਪੇਸ਼ ਕਰਨ ਵਿੱਚ ਸਹਾਇਤਾ ਕਰਦਾ ਹੈ। ਚੋਣਵੇਂ ਪ੍ਰਤੀਨਿਧੀ ਤੋਂ ਸੁਣਵਾਈ ਦੌਰਾਨ ਸਵਾਲ ਪੁੱਛੇ ਜਾ ਸਕਦੇ ਹਨ। ਅਕਸਰ IRB-RPD ਮਾਤਾ-ਪਿਤਾ ਨੂੰ ਚੋਣਵੇਂ ਪ੍ਰਤੀਨਿਧੀ ਵਜੋਂ ਚੁਣਦਾ ਹੈ ਜਦੋਂ ਬੱਚੇ ਦਾ ਦਾਅਵਾ ਉਹਨਾਂ ਦੇ ਮਾਪਿਆਂ ਦੇ ਦਾਅਵੇ ਨਾਲ ਜੁੜ ਜਾਂਦਾ ਹੈ।
ਵਰਚੁਅਲ ਅਤੇ ਵਿਅਕਤੀਗਤ ਸੁਣਵਾਈਆਂ
ਸ਼ਰਨਾਰਥੀ ਸੁਣਵਾਈਆ ਦੋ ਤਰਾਂ ਦੀਆਂ ਹੁੰਦੀਆਂ ਹਨ: ਵਰਚੁਅਲ (ਆਨਲਾਈਨ) ਅਤੇ ਵਿਅਕਤੀਗਤ ਤੋਰ ਤੇ।
ਵਰਚੂਅਲ ਸੁਣਵਾਈਆਂ
ਇੱਕ ਵਰਚੁਅਲ ਸੁਣਵਾਈ ਆਨਲਾਈਨ ਹੁੰਦੀ ਹੈ। ਹਰ ਕੋਈ ਮਾਈਕਰੋਸੋਫਟ ਟੀਮ ਦੀ ਵਰਤੋਂ ਕਰਦੇ ਹੋਏ ਕੰਪਿਊਟਰ ਦੀ ਸਕਰੀਨ ਤੇ ਦਿਖਾਈ ਦਿੰਦਾ ਹੈ।
ਆਪਣੀ ਵਰਚੁਅਲ ਸੁਣਵਾਈ ਲਈ ਤਿਆਰੀ
IRB-RPD ਦਵਾਰਾ ਤਾਰੀਖ ਅਤੇ ਸਮਾਂ ਤੈ ਕਰਨ ਤੋਂ ਬਾਅਦ ਤੁਹਾਨੂੰ ਜਾਂ ਤੁਹਾਡੇ ਕਾਨੂਨੀ ਪ੍ਰਤੀਨਿਧੀ ਨੂੰ ਨੋਟਿਸ ਟੂ ਅਪੀਅਰ ਪੱਤਰ ਮਿਲੇਗਾ। ਇਸ ਨੋਟਿਸ ਨੂੰ ਧਿਆਨ ਨਾਲ ਪੜੋ ਕਿਉਂਕਿ ਇਹ ਤੁਹਾਨੂੰ ਵਰਚੁਅਲ ਸੁਨਵਾਈ ਵਿਚ ਕੀ ਕਰਨਾ ਹੈ ਉਸ ਬਾਰੇ ਸਮਝਾਉਂਦਾ ਹੈ।
ਵਰਚੁਅਲ ਸੁਣਵਾਈ ਕਰਨ ਲਈ ਤੁਹਾਡੇ ਕੋਲ ਹੋਣਾ ਚਾਹੀਦਾ ਹੈ:
- ਭਰੋਸੇਯੋਗ, ਸੁਰੱਖਿਅਤ, ਤੇਜ ਗਤੀ ਵਾਲਾ ਇੰਟਰਨੈਟ
- ਇੱਕ ਕੰਪਿਊਟਰ ਜਾਂ ਟੈਬਲੇਟ
- ਇੱਕ ਸ਼ਾਂਤ ਅਤੇ ਨਿਜੀ ਜਗ੍ਹਾ
ਜੇ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਹੈ ਤਾਂ ਤੁਸੀਂ ਆਪਣੀ ਸੁਣਵਾਈ ਲਈ ਉਹਨਾਂ ਦੇ ਦਫਤਰ ਜਾ ਸਕਦੇ ਹੋ। ਆਪਣੇ ਕਾਨੂੰਨੀ ਪ੍ਰਤੀਨਿਧੀ ਨਾਲ ਇਸ ਬਾਰੇ ਚਰਚਾ ਕਰੋ।
ਜੇਕਰ ਤੁਸੀਂ ਆਪਣੇ ਕਾਨੂੰਨੀ ਪ੍ਰਤਿਨਿਧੀ ਦੇ ਦਫਤਰ ਨਹੀਂ ਜਾ ਰਹੇ, ਤਾਂ ਇਸ ਗੱਲ ਤੇ ਧਿਆਨ ਦਵੋ ਕਿ ਤੁਹਾਡੇ ਕੋਲ ਉਹ ਸਭ ਕੁਝ ਹੈ ਜਿਸ ਦੀ ਵਰਚੂਅਲ ਸੁਣਵਾਈ ਕਰਨ ਵਿੱਚ ਜਰੂਰਤ ਹੈ। ਜੇਕਰ ਤੁਹਾਡੇ ਕੋਲ ਇੱਕ ਕੰਪਿਊਟਰ ਜਾਂ ਟੈਬਲੇਟ ਜਾਂ ਇੰਟਰਨੈਟ ਨਹੀਂ ਹੈ, ਤਾਂ IRB-RPD ਤੋ ਮਦਦ ਮੰਗੋ। IRB-RPD ਤੁਹਾਨੂੰ ਉਹਨਾਂ ਦੇ ਦਫਤਰ ਵਿੱਚ ਵਿਅਕਤੀਗਤ ਤੌਰ ਤੇ ਵਰਤਣ ਲਈ ਇੱਕ ਕੰਪਿਊਟਰ ਜਾਂ ਟੈਬਲੇਟ ਦੇ ਸਕਦੇ ਹਨ। ਆਪਣੇ ਖੇਤਰ ਦੇ IRB-RPD ਨੂੰ ਫੋਨ ਰਾਹੀ, ਈਮੇਲ ਦੁਆਰਾ, ਜਾਂ ਪੱਤਰ ਦੁਆਰਾ ਪੁੱਛੋ। ਤੁਹਾਨੂੰ ਤੁਹਾਡੀ ਸੁਣਵਾਈ ਦੇ ਘੱਟ ਤੋਂ ਘੱਟ 10 ਦਿਨ ਪਹਿਲਾਂ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਸੁਣਵਾਈ ਦੇ ਲਗਭਗ ਪੰਜ ਦਿਨ ਪਹਿਲਾਂ, IRB-RPD ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਵੀਡੀਓ ਕਾਨਫਰੰਸ ਦੇ ਲਈ ਇੱਕ ਲਿੰਕ ਭੇਜੇਗਾ। ਓਹ ਇਸ ਲਿੰਕ ਨੂੰ ਤੁਹਾਡੇ ਨਾਲ ਸਾਂਝਾ ਕਰਨਗੇ। ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤੀਨਿਧੀ ਨਹੀਂ ਹੈ, ਤਾਂ IRB-RPD ਤੁਹਾਨੂੰ ਲਿੰਕ ਈਮੇਲ ਕਰੇਗਾ। ਇਸ ਗੱਲ ਦਾ ਯਕੀਨ ਬਣਾਓ ਕੀ IRB-RPD ਕੋਲ ਤੁਹਾਡਾ ਸਹੀ ਈਮੇਲ ਪਤਾ, ਟੈਲੀਫੋਨ ਨੰਬਰ, ਅਤੇ ਡਾਕ ਪਤਾ ਹੈ।
ਤੁਹਾਡੀ ਵਰਚੁਅਲ ਸੁਣਵਾਈ ਤੇ
ਵਰਚੂਅਲ ਸੁਣਵਾਈ ਵਾਲੇ ਦਿਨ ਤੁਹਾਨੂੰ ਆਪਣੀ ਸੁਣਵਾਈ ਦੇ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਆਨਲਾਈਨ ਜੁੜਨ ਲਈ ਕਿਹਾ ਜਾਏਗਾ। ਇਸ ਨਾਲ ਤੁਹਾਨੂੰ ਇਹ ਪੱਕਾ ਕਰਨ ਦਾ ਮੌਕਾ ਮਿਲੇਗਾ ਕੀ ਕਿ ਤੁਹਾਡਾ ਇੰਟਰਨੈਟ ਕਨੈਕਸ਼ਨ ਕੰਮ ਕਰ ਰਿਹਾ ਹੈ, ਕਿ ਤੁਸੀਂ ਇਕ IRB-RPD ਕਰਮਚਾਰੀ ਨਾਲ ਸੰਪਰਕ ਕਰ ਸਕਦੇ ਹੋ, ਅਤੇ ਤੁਸੀਂ IRB ਦੂਭਾਸ਼ੀਏ ਨਾਲ ਗੱਲ ਕਰ ਸਕੋ ਅਤੇ ਇਹ ਪੱਕਾ ਕਰ ਸਕੋ ਕਿ ਤੁਸੀਂ ਇੱਕ ਦੂਜੇ ਨੂੰ ਸਮਝਦੇ ਹੋ। ਜਦੋਂ ਸਦੱਸ ਸੁਣਵਾਈ ਲਈ ਸ਼ਾਮਿਲ ਹੁੰਦਾ ਹੈ ਤਾਂ ਉਹ ਤੁਹਾਡੇ ਨਾਲ ਗੱਲ ਕਰੇਗਾ ਅਤੇ ਤੁਹਾਡੇ ਤੋਂ ਇਹ ਪੁਸ਼ਟੀ ਕਰਨ ਲਈ ਕਹੇਗਾ ਕਿ ਤੁਸੀਂ ਇਕੱਲੇ ਹੋ ਅਤੇ ਇੱਕ ਨਿਜੀ ਸਥਾਨ ਤੇ ਹੋ। ਜੇਕਰ ਤੁਹਾਨੂੰ ਆਨਲਾਈਨ ਬੈਠਕ ਵਿੱਚ ਦੇਖਣ ਜਾਂ ਸੁਣਨ ਵਿੱਚ ਸਮੱਸਿਆ ਆ ਰਹੀ ਹੈ ਤਾਂ ਸਦੱਸ ਨੂੰ ਦੱਸੋ।
ਜੇਕਰ ਤੁਸੀਂ ਵਰਚੁਅਲ ਸੁਣਵਾਈ ਨਹੀਂ ਚਾਹੁੰਦੇ ਹੋ
ਸਾਰੀਆਂ ਸ਼ਰਨਾਰਥੀ ਸੁਣਵਾਈਆਂ ਵਰਚੁਅਲ ਵੰਜੋ ਨੀਅਤ ਕੀਤੀਆਂ ਗਈਆਂ ਹਨ, ਪਰ ਵਿਅਕਤੀਗਤ ਤੌਰ ਤੇ ਬਦਲੀਆਂ ਜਾ ਸਕਦੀਆਂ ਹਨ।
ਤੁਹਾਨੂੰ ਇਹ ਫਾਰਮ ਭਰਨਾ ਚਾਹੀਦਾ ਹੈ ਅਤੇ ਆਪਣੀ ਸੁਣਵਾਈ ਤੋਂ ਘੱਟੋ ਘੱਟ 10 ਦਿਨ ਪਹਿਲਾਂ ਭੇਜ ਦੇਣਾ ਚਾਹੀਦਾ ਹੈ। ਤੁਹਾਨੂੰ ਇਹ ਜਰੂਰ ਦੱਸਣਾ ਚਾਹੀਦਾ ਹੈ ਕਿ ਤੁਸੀਂ ਵਿਅਕਤੀਗਤ ਸੁਣਵਾਈ ਕਿਓਂ ਚਾਹੁੰਦੇ ਹੋ ਜਾਂ ਇਸ ਦੀ ਲੋੜ ਕਿਉਂ ਹੈ।
ਵਿਅਕਤੀਗਤ ਸੁਣਵਾਈਆਂ
ਇੱਕ ਵਿਅਕਤੀਗਤ ਸੁਣਵਾਈ IRB-RPD ਦਫਤਰ ਵਿੱਚ ਹੁੰਦੀ ਹੈ। ਸਾਰੇ ਕਮਰੇ ਵਿੱਚ ਇਕੱਠੇ ਹੁੰਦੇ ਹਨ।
ਵਿਅਕਤੀਗਤ ਸੁਣਵਾਈ ਤਾਂ ਹੀ ਹੋਵੇਗੀ ਜੇਕਰ IRB-RPD ਫੈਸਲਾ ਕਰਦਾ ਹੈ ਕਿ ਤੁਹਾਡੀ ਸੁਣਵਾਈ ਵਿਅਕਤੀ ਤੌਰ ਤੇ ਹੋਣੀ ਚਾਹੀਦੀ ਹੈ ਜਾਂ ਤੁਸੀਂ ਵਿਅਕਤੀਗਤ ਸੁਣਵਾਈ ਲਈ ਬੇਨਤੀ ਕਰਦੇ ਹੋ ਅਤੇ IRB-RPD ਮਨਜ਼ੂਰੀ ਦਿੰਦਾ ਹੈ।
ਵਿਅਕਤੀਗਤ ਸੁਣਵਾਈ IRB-RPD ਦਫਤਰ ਵਿਖੇ ਹੁੰਦੀ ਹੈ। ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ IRB-RPD ਵੱਲੋਂ ਦੁਬਾਰਾ ਇੱਕ ਮਿਤੀ ਅਤੇ ਸਮਾਂ ਨਿਰਧਾਰਿਤ ਕਰਨ ਤੋਂ ਬਾਅਦ ਇੱਕ ਨੋਟਿਸ ਟੂ ਅਪੀਅਰ ਪੱਤਰ ਪ੍ਰਾਪਤ ਹੋਵੇਗਾ। ਪੇਸ਼ ਹੋਣ ਦਾ ਨੋਟਿਸ ਤੁਹਾਨੂੰ ਉਹ ਪਤਾ ਦਿੰਦਾ ਹੈ ਜਿੱਥੇ ਤੁਹਾਡੀ ਸੁਣਵਾਈ ਹੋਵੇਗੀ। ਇਸ ਨੋਟਿਸ ਨੂੰ ਧਿਆਨ ਨਾਲ ਪੜੋ ਕਿਉਂਕਿ ਇਹ ਦੱਸਦਾ ਹੈ ਕਿ ਕੀ ਕਰਨਾ ਹੈ।
ਤੁਹਾਡੀ ਵਿਅਕਤੀਗਤ ਸੁਣਵਾਈ ਵਿੱਚ
ਤੁਹਾਡੀ ਵਿਅਕਤੀਗਤ ਸੁਣਵਾਈ ਦੇ ਦਿਨ, ਇਸ ਗੱਲ ਦਾ ਯਕੀਨ ਬਣਾਓ ਕਿ ਤੁਸੀਂ ਘੱਟੋ ਘੱਟ 15-30 ਮਿੰਟ ਪਹਿਲਾਂ ਪਹੁੰਚੋ। ਇਹ ਤੁਹਾਨੂੰ ਸੁਨਵਾਈ ਦਾ ਕਮਰਾ ਲੱਭਣ ਲਈ ਸਮਾਂ ਦਿੰਦਾ ਹੈ। ਜੇਕਰ ਤੁਹਾਡੇ ਕੋਲ ਗਵਾਹ ਹਨ, ਤਾਂ ਉਹਨਾਂ ਨੂੰ ਵੀ ਸੁਣਵਾਈ ਤੋਂ ਘੱਟੋ ਘੱਟ 15 ਮਿੰਟ ਪਹਿਲਾਂ ਪਹੁੰਚਣਾ ਚਾਹੀਦਾ ਹੈ। ਤੁਹਾਨੂੰ ਸੁਣਵਾਈ ਕਮਰੇ ਦੇ ਤਿਆਰ ਹੋਣ ਤੱਕ ਉਡੀਕ ਕਮਰੇ ਵਿੱਚ ਉਡੀਕ ਕਰਨ ਲਈ ਕਿਹਾ ਜਾ ਸਕਦਾ ਹੈ। ਤੁਹਾਡੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ, ਦੁਭਾਸ਼ੀਏ ਨਾਲ ਗੱਲ ਕਰੋ ਇਹ ਪੱਕਾ ਕਰਨ ਲਈ ਕਿ ਤੁਸੀਂ ਇੱਕ ਦੂਜੇ ਨੂੰ ਸਮਝਦੇ ਹੋ।
ਤੁਹਾਡੀ ਸੁਣਵਾਈ ਦਾ ਦਿਨ
ਤੁਹਾਡੀ ਸੁਣਵਾਈ ਕਿੰਨੀ ਲੁੰਬੀ ਹੋਵੇਗੀ ?
ਸੁਣਵਾਈ ਆਮ ਤੌਰ ‘ਤੇ ਸੁਣਵਾਈ ਦੇ ਅੱਧੇ ਰਸਤੇ ਵਿੱਚ ਇੱਕ ਛੋਟੇ ਬ੍ਰੇਕ ਦੇ ਨਾਲ ਅੱਧਾ ਦਿਨ ਲੈਂਦੀ ਹੈ। ਕੁਝ ਸੁਣਵਾਈਆਂ ਛੋਟੀਆਂ ਹੁੰਦੀਆਂ ਹਨ, ਅਤੇ ਕੁਝ ਲੰਬੀਆਂ ਹੁੰਦੀਆਂ ਹਨ। ਜੇਕਰ ਤੁਹਾਡੇ ਦਾਅਵੇ ਨੂੰ ਤੁਹਾਡੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੁਣਿਆ ਜਾ ਰਿਹਾ ਹੈ, ਜਾਂ ਜੇਕਰ ਚਰਚਾ ਕਰਨ ਲਈ ਬਹੁਤ ਸਾਰੇ ਮੁੱਦੇ ਹਨ, ਤਾਂ ਇਹ ਪੂਰਾ ਦਿਨ ਚੱਲ ਸਕਦੀ ਹੈ।
ਜੇ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਆਪਣੀ ਸੁਣਵਾਈ ਦੌਰਾਨ ਕਿਸੇ ਵੀ ਸਮੇਂ ਬਰੇਕ ਦੀ ਮੰਗ ਕਰ ਸਕਦੇ ਹੋ।
ਤੁਹਾਨੂੰ ਕਦੋਂ ਪਹੁੰਚਣਾ ਚਾਹੀਦਾ ਹੈ?
ਤੁਹਾਡੀ ਸੁਣਵਾਈ ਲਈ ਜਲਦੀ ਪਹੁੰਚਣਾ ਮਹੱਤਵਪੂਰਨ ਹੈ। ਜੇਕਰ ਤੁਹਾਡੀ ਸੁਣਵਾਈ ਵਰਚੁਅਲ ਹੈ ਤਾਂ ਤੁਹਾਨੂੰ ਆਪਣੀ ਸੁਣਵਾਈ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਔਨਲਾਈਨ Microsoft ਟੀਮ ਦੀ ਮੀਟਿੰਗ ਵਿੱਚ ਲੌਗਇਨ ਕਰਨਾ ਚਾਹੀਦਾ ਹੈ। ਜੇਕਰ ਤੁਹਾਡੀ ਸੁਣਵਾਈ ਵਿਅਕਤੀਗਤ ਤੌਰ ‘ਤੇ ਹੁੰਦੀ ਹੈ ਤਾਂ ਤੁਹਾਨੂੰ ਇਹ ਯਕੀਨੀ ਬਣਾਉਣ ਲਈ ਆਪਣੀ ਸੁਣਵਾਈ ਤੋਂ 15-30 ਮਿੰਟ ਪਹਿਲਾਂ ਪਹੁੰਚਣਾ ਚਾਹੀਦਾ ਹੈ ਕਿ ਤੁਸੀਂ ਸੁਣਵਾਈ ਦਾ ਕਮਰਾ ਲੱਭ ਸਕੋ।
ਤੁਹਾਡੀ ਸੁਣਵਾਈ ‘ਤੇ ਕੀ ਹੋਵੇਗਾ?
1. ਜਾਣ-ਪਛਾਣ:
ਮੈਂਬਰ ਕਮਰੇ ਵਿੱਚ ਹਰ ਕਿਸੇ ਨਾਲ ਜਾਣ-ਪਛਾਣ ਕਰੇਗਾ ਅਤੇ ਤੁਹਾਨੂੰ ਸੁਣਵਾਈ ਦੀ ਪ੍ਰਕਿਰਿਆ ਬਾਰੇ ਸਮਝਾਏਗਾ। ਤੁਹਾਨੂੰ ਆਪਣਾ ਸੱਜਾ ਹੱਥ ਚੁੱਕਣ ਅਤੇ ਸੱਚ ਦੱਸਣ ਦਾ ਵਾਅਦਾ ਕਰਨ ਲਈ ਕਿਹਾ ਜਾਵੇਗਾ।
2. ਦਸਤਾਵੇਜ਼ਾਂ ਦੀ ਪੁਸ਼ਟੀ:
ਮੈਂਬਰ ਉਹਨਾਂ ਸਾਰੇ ਦਸਤਾਵੇਜ਼ਾਂ ਨੂੰ ਦੇਖਦਾ ਹੈ ਜੋ ਤੁਹਾਡੇ ਸ਼ਰਨਾਰਥੀ ਦਾਅਵੇ ਵਿੱਚ ਸਬੂਤ ਵਜੋਂ ਭੇਜੇ ਗਏ ਹਨ। ਉਹ ਯਕੀਨੀ ਬਣਾਉਂਦੇ ਹਨ ਕਿ ਹਰੇਕ ਕੋਲ ਸਾਰੇ ਦਸਤਾਵੇਜ਼ਾਂ ਦੀ ਕਾਪੀ ਹੈ ਅਤੇ ਉਹ ਹਰੇਕ ਦਸਤਾਵੇਜ਼ ਨੂੰ ਇੱਕ ਨੰਬਰ ਦਿੰਦੇ ਹਨ। ਮੈਂਬਰ ਕਿਸੇ ਵੀ ਅਸਲ ਦਸਤਾਵੇਜ਼ ਨੂੰ ਵੀ ਦੇਖ ਸਕਦਾ ਹੈ ਜੋ ਤੁਸੀਂ ਸੁਣਵਾਈ ਲਈ ਲਿਆਉਂਦੇ ਹੋ।
3. ਸਵਾਲ ਕਰਨਾ:
ਮੈਂਬਰ ਫਿਰ ਤੁਹਾਨੂੰ ਸਵਾਲ ਪੁੱਛੇਗਾ। ਸਵਾਲ ਤੁਹਾਡੇ ਇਤਿਹਾਸ, ਤੁਹਾਡੇ ਦਸਤਾਵੇਜ਼ਾਂ, ਅਤੇ ਤੁਹਾਡੇ ਸ਼ਰਨਾਰਥੀ ਦਾਅਵੇ ਲਈ ਮਹੱਤਵਪੂਰਨ ਕਾਨੂੰਨੀ ਮੁੱਦਿਆਂ ਬਾਰੇ ਹੋ ਸਕਦੇ ਹਨ। ਮੈਂਬਰ ਦੇ ਤੁਹਾਡੇ ਸਵਾਲ ਪੁੱਛਣ ਤੋਂ ਬਾਅਦ, ਮੰਤਰੀ ਦਾ ਵਕੀਲ (ਜੇ ਮੌਜੂਦ ਹੋਵੇ) ਤੁਹਾਨੂੰ ਸਵਾਲ ਪੁੱਛ ਸਕਦਾ ਹੈ। ਤੁਹਾਡਾ ਕਾਨੂੰਨੀ ਪ੍ਰਤੀਨਿਧੀ ਵੀ ਤੁਹਾਨੂੰ ਸਵਾਲ ਪੁੱਛ ਸਕਦਾ ਹੈ।
4. ਗਵਾਹ:
ਜੇਕਰ ਤੁਹਾਡੇ ਕੋਲ ਗਵਾਹ ਹਨ, ਤਾਂ ਅਗਲੀ ਵਾਰੀ ਉਹਨਾ ਦੀ ਗੱਲ ਕਰਨ ਦੀ ਹੋਵੇਗੀ। ਗਵਾਹ ਸਿਰਫ ਤੁਹਾਡੀ ਸੁਣਵਾਈ ਵਿੱਚ ਸ਼ਾਮਲ ਹੋਣ ਦੇ ਯੋਗ ਹੋਣਗੇ ਜਦੋਂ ਉਹਨਾਂ ਦੇ ਬੋਲਣ ਦਾ ਸਮਾਂ ਹੋਵੇਗਾ।
5. ਟਿੱਪਣੀਆਂ:
ਤੁਹਾਡੀ ਸੁਣਵਾਈ ਦੇ ਅੰਤ ‘ਤੇ, ਮੈਂਬਰ ਤੁਹਾਡੇ ਵਕੀਲ ਜਾਂ ਤੁਹਾਨੂੰ ਆਪਣੇ ਸ਼ਬਦਾਂ ਵਿੱਚ ਇਹ ਦੱਸਣ ਦਾ ਮੌਕਾ ਦੇਵੇਗਾ ਕਿ ਤੁਸੀਂ ਕਿਉਂ ਸੋਚਦੇ ਹੋ ਕਿ ਸਬੂਤ ਇਹ ਦਰਸਾਉਂਦੇ ਹਨ ਕਿ ਤੁਸੀਂ “ਕਨਵੈਨਸ਼ਨ ਰਫਿਊਜੀ” ਜਾਂ “ਸੁਰੱਖਿਆ ਦੀ ਲੋੜ ਵਾਲੇ ਵਿਅਕਤੀ” ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਹੋ। ਇਸ ਨੂੰ ਸਬਮਿਸ਼ਨ ਕਿਹਾ ਜਾਂਦਾ ਹੈ। ਜੇਕਰ ਤੁਹਾਡਾ ਕੋਈ ਕਾਨੂੰਨੀ ਪ੍ਰਤੀਨਿਧੀ ਹੈ ਤਾਂ ਉਹ ਸੁਣਵਾਈ ਤੋਂ ਬਾਅਦ ਇਹਨਾਂ ਬੇਨਤੀਆਂ ਨੂੰ ਲਿਖਤੀ ਰੂਪ ਵਿੱਚ ਭੇਜਣ ਲਈ ਮੈਂਬਰ ਨਾਲ ਸਹਿਮਤ ਹੋ ਸਕਦਾ ਹੈ। ਮੰਤਰੀ ਦਾ ਵਕੀਲ (ਜੇ ਮੌਜੂਦ ਹੋਵੇ) ਆਪਣੀ ਟਿੱਪਣੀ ਆਖਰ ਵਿੱਚ ਦਿੰਦਾ ਹੈ।
6. ਫੈਸਲਾ:
ਸੁਣਵਾਈ ਦੇ ਅੰਤ ‘ਤੇ, ਮੈਂਬਰ ਤੁਹਾਨੂੰ ਤੁਹਾਡੇ ਦਾਅਵੇ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਆਪਣਾ ਫੈਸਲਾ ਦੱਸ ਸਕਦਾ ਹੈ ਜਾਂ ਉਹ ਕਹਿ ਸਕਦਾ ਹੈ ਕਿ ਉਹ ਤੁਹਾਨੂੰ ਆਪਣਾ ਫੈਸਲਾ ਡਾਕ ਰਾਹੀਂ ਭੇਜ ਦੇਣਗੇ। ਦੋਵਾਂ ਮਾਮਲਿਆਂ ਵਿੱਚ, ਤੁਹਾਨੂੰ ਡਾਕ ਵਿੱਚ “ਨਿਰਣੇ ਦਾ ਨੋਟਿਸ” ਪ੍ਰਾਪਤ ਹੋਵੇਗਾ।
ਤੁਹਾਨੂੰ ਆਪਣੀ ਸੁਣਵਾਈ ਲਈ ਕੀ ਲਿਆਉਣਾ ਚਾਹੀਦਾ ਹੈ?
ਤੁਹਾਡੀ ਸੁਣਵਾਈ ‘ਤੇ ਯਕੀਨੀ ਬਣਾਓ ਕਿ ਤੁਸੀਂ ਇਹ ਲਿਆਏ ਹੋ:
- BOC ਫਾਰਮ (BOC form)
- ਬਿਰਤਾਂਤ
- ਇਮੀਗ੍ਰੇਸ਼ਨ ਫਾਰਮ
- ਸਬੂਤ
- ਹਾਜ਼ਰ ਹੋਣ ਦਾ ਨੋਟਿਸ
ਸਵਾਲਾਂ ਦੇ ਜਵਾਬ ਦੇਣ ਵੇਲੇ ਮੈਂਬਰ ਅਕਸਰ ਤੁਹਾਨੂੰ ਆਪਣੇ ਦਸਤਾਵੇਜ਼ਾਂ ਤੋਂ ਨਾ ਪੜ੍ਹਣ ਲਈ ਕਹੇਗਾ। ਪਰ ਤੁਹਾਡੇ ਦਸਤਾਵੇਜ਼ਾਂ ਦਾ ਤੁਹਾਡੇ ਕੋਲ ਹੋਣਾ ਮਹੱਤਵਪੂਰਨ ਹੈ ਕਿਉਂਕਿ ਮੈਂਬਰ ਤੁਹਾਨੂੰ ਤੁਹਾਡੇ ਦਸਤਾਵੇਜ਼ਾਂ ਦੇ ਖਾਸ ਭਾਗਾਂ ਜਾਂ ਪੰਨਿਆਂ ਨੂੰ ਦੇਖਣ ਲਈ ਕਹਿ ਸਕਦਾ ਹੈ।
ਕੀ ਸੁਣਵਾਈ ਨਿੱਜੀ ਹੈ?
ਸਾਰੀਆਂ ਸ਼ਰਨਾਰਥੀ ਸੁਣਵਾਈਆਂ ਗੁਪਤ ਹੁੰਦੀਆਂ ਹਨ। ਇਸਦਾ ਮਤਲਬ ਹੈ ਕਿ ਤੁਹਾਡੀ ਸੁਣਵਾਈ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕ, ਦੁਭਾਸ਼ੀਏ ਸਮੇਤ, ਨੂੰ ਤੁਹਾਡੇ ਦਾਅਵੇ ਬਾਰੇ ਜਾਣਕਾਰੀ ਕਿਸੇ ਹੋਰ ਨਾਲ ਸਾਂਝੀ ਕਰਨ ਦੀ ਇਜਾਜ਼ਤ ਨਹੀਂ ਹੈ।
ਜੇਕਰ ਤੁਹਾਨੂੰ ਕੋਈ ਸਵਾਲ ਸਮਝ ਨਹੀਂ ਆਉਂਦਾ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਜੇਕਰ ਮੈਂਬਰ ਤੁਹਾਨੂੰ ਕੋਈ ਅਜਿਹਾ ਸਵਾਲ ਪੁੱਛਦਾ ਹੈ ਜੋ ਤੁਸੀਂ ਨਹੀਂ ਸਮਝਦੇ ਹੋ, ਤਾਂ ਇਸਦਾ ਜਵਾਬ ਦੇਣ ਦੀ ਕੋਸ਼ਿਸ਼ ਨਾ ਕਰੋ। ਮੈਂਬਰ ਨੂੰ ਦੱਸੋ ਜੋ ਤੁਸੀਂ ਨਹੀਂ ਸਮਝੇ ਅਤੇ ਉਹਨਾਂ ਨੂੰ ਇਸ ਨੂੰ ਵੱਖਰੇ ਤਰੀਕੇ ਨਾਲ ਕਹਿਣ ਲਈ ਕਹੋ। ਕਦੇ ਵੀ ਕੋਈ ਜਵਾਬ ਨਾ ਬਣਾਓ। ਜੇ ਤੁਸੀਂ ਕੁਝ ਨਹੀਂ ਜਾਣਦੇ, ਜਾਂ ਤੁਹਾਨੂੰ ਯਕੀਨ ਨਹੀਂ ਹੈ, ਤਾਂ ਕਹੋ।
ਜੇਕਰ ਦੁਭਾਸ਼ੀਏ ਗਲਤੀ ਕਰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਦੁਭਾਸ਼ੀਏ ਦਾ ਕੰਮ ਬਿਲਕੁਲ ਜਾਂ ਜਿੰਨਾ ਸੰਭਵ ਹੋ ਸਕੇ ਅਨੁਵਾਦ ਕਰਨਾ ਹੈ। ਉਨ੍ਹਾਂ ਨੂੰ ਕੁਝ ਵੀ ਨਹੀਂ ਜੋੜਨਾ ਚਾਹੀਦਾ ਅਤੇ ਨਾ ਹੀ ਕੁਝ ਛੱਡਣਾ ਚਾਹੀਦਾ ਹੈ। ਜੇ ਤੁਸੀਂ ਸੋਚਦੇ ਹੋ ਕਿ ਦੁਭਾਸ਼ੀਏ ਨੇ ਕੋਈ ਗਲਤੀ ਕੀਤੀ ਹੈ ਜਾਂ ਤੁਸੀਂ ਸੁਣਵਾਈ ਦੌਰਾਨ ਕਹੀ ਗਈ ਕੋਈ ਗੱਲ ਨਹੀਂ ਸਮਝ ਰਹੇ ਹੋ, ਤਾਂ ਮੈਂਬਰ ਨੂੰ ਦੱਸਣਾ ਬਹੁਤ ਮਹੱਤਵਪੂਰਨ ਹੈ।
ਤੁਹਾਨੂੰ ਮੈਂਬਰ ਨੂੰ ਕੀ ਸੰਬੋਧਨ ਕਰਨਾ ਚਾਹੀਦਾ ਹੈ?
ਤੁਸੀਂ ਮੈਂਬਰ ਨੂੰ “ਸ਼੍ਰੀਮਾਨ (Sir)” ਜਾਂ “ਸ਼੍ਰੀਮਤੀ (Madam)” ਕਹਿ ਸਕਦੇ ਹੋ
ਕੀ ਸੁਣਵਾਈਆਂ ਰਿਕਾਰਡ ਕੀਤੀਆਂ ਜਾਦੀਆ ਹਨ?
ਸਾਰੀਆਂ ਸੁਣਵਾਈਆਂ ਰਿਕਾਰਡ ਕੀਤੀਆਂ ਜਾਂਦੀਆਂ ਹਨ। ਜੇਕਰ ਤੁਹਾਨੂੰ ਕੋਈ ਨਕਾਰਾਤਮਕ ਫੈਸਲਾ ਮਿਲਦਾ ਹੈ ਤਾਂ ਤੁਸੀਂ ਰਿਕਾਰਡਿੰਗ ਦੀ ਕਾਪੀ ਮੰਗ ਸਕਦੇ ਹੋ। ਜੇ ਤੁਸੀਂ ਅਪੀਲ ਕਰਨ ਦਾ ਫੈਸਲਾ ਕਰਦੇ ਹੋ ਤਾਂ ਤੁਸੀਂ ਸੁਣਵਾਈ ਦੌਰਾਨ ਕੀ ਕਿਹਾ ਗਿਆ ਸੀ, ਇਹ ਦਿਖਾਉਣ ਲਈ ਰਿਕਾਰਡਿੰਗ ਦੀ ਵਰਤੋਂ ਕਰ ਸਕਦੇ ਹੋ।
ਜੇ ਤੁਸੀਂ ਪਰੇਸ਼ਾਨ ਮਹਿਸੂਸ ਕਰਦੇ ਹੋ ਜਾਂ ਰੋਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਚਿੰਤਾ ਨਾ ਕਰੋ, ਤੁਹਾਡੀ ਸ਼ਰਨਾਰਥੀ ਸੁਣਵਾਈ ਦੌਰਾਨ ਪਰੇਸ਼ਾਨ ਹੋਣਾ ਜਾਂ ਰੋਣਾ ਠੀਕ ਹੈ। ਜੇ ਤੁਸੀਂ ਸੁਣਵਾਈ ਦੌਰਾਨ ਕਿਸੇ ਵੀ ਸਮੇਂ ਪਰੇਸ਼ਾਨ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਕਦਮ ਚੁੱਕ ਸਕਦੇ ਹੋ। ਉਦਾਹਰਣ ਲਈ:
- 3 ਜਾਂ 4 ਡੂੰਘੇ ਸਾਹ ਲਓ
- ਪਾਣੀ ਮੰਗੋ
- ਇੱਕ ਛੋਟੇ ਬ੍ਰੇਕ ਦੀ ਮੰਗ ਕਰੋ